ਆਖ਼ਰੀ ਸ਼ਾਮ : ਹਰਿੰਦਰ ਸਿੰਘ ਮਹਿਬੂਬ

ਸਿੱਖ ਸ਼ਹੀਦ ਦੀ ਅਰਦਾਸ

[ਕਲਗੀਆਂ ਵਾਲੇ ਦੇ ਦਰਬਾਰ ਵਿਚ]

ਹਰਿੰਦਰ ਸਿੰਘ ਮਹਿਬੂਬ

ਤੂੰ ਆਵੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ,
ਸੁਪਨਾ ਪੁਰੀ ਅਨੰਦ ਦਾ, ਬੇ-ਨੂਰ ਦੁਰਾਡਾ।
ਤੈਂਡਾ ਰਹਿਮ ਪਛਾਣ ਕੇ
ਮੈਂ ਨਿਸਚਾ ਕਰਿਆ,
ਰੁੱਤ ਘਾਮ ਪਰਦੇਸ ਦੀ
ਕੋਈ ਬੂਟ ਨ ਹਰਿਆ,
ਸੁੰਞਾ ਸਤਲੁਜ ਚਿਰਾਂ ਤੋਂ
ਬੇ-ਨੀਰ ਹੈ ਦਰਿਆ,
ਰੁਲਦਾ ਨਾਮ ਹਜ਼ੂਰ ਦਾ, ਕੋਈ ਵੇਸ ਨ ਸਾਡਾ,
ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ।

ਸੁੰਞੇ ਪੱਤਣ ਚਿਰਾਂ ਦੇ
ਕੋਈ ਖਬਰ ਨ ਤੈਨੂੰ,
ਸਤਲੁਜ ਭਰਿਆ ਲਹੂ ਦਾ
ਛੱਡ ਮਿਲੀਏ ਕੈਨੂੰ?
ਸ਼ਹੁ-ਤਕਦੀਰ ਦਾ ਖੇਡਦਾ
ਬਿਨ ਦੱਸਿਆਂ ਮੈਨੂੰ;
ਮੁਲਖਾਂ ਵਾਲਿਆਂ ਲਾਇਆ, ਦਰਵੇਸ਼ ਨਾ ਆਢਾ,
ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ।


ਸੁੰਞਾਂ ਮੂੰਝ ਬੇ-ਰੁੱਤੀਆਂ
ਤਿਰਾ ਦਿਸੇ ਨ ਦਾਮਨ,
ਨ ਕੋਈ ਹੁਕਮ ਹਜ਼ੂਰ ਦਾ
ਨ ਪੈੜ ਨ ਜ਼ਾਮਨ,
ਦੂਰ ਘੰਗੋਰਾਂ ਉਠਦੀਆਂ
ਕਿਤੇ ਲਸ਼ਕਰ ਜਾਵਣ,
ਜਾਪੇ ਸਾਡੇ ਸਿਰਾਂ ਤੇ, ਕੋਈ ਰੋਸ ਤੁਹਾਡਾ—
ਤੂੰ ਬਹੁੜੀਂ ਕਲਗੀ ਵਾਲਿਆ ਕੋਈ ਦੇਸ ਨ ਸਾਡਾ।
ਸੁਪਨਾ ਪੁਰੀ ਅਨੰਦ ਦਾ, ਬੇ-ਨੂਰ ਦੁਰਾਡਾ।

Leave a comment